Proverbs 22

1ਵੱਡੇ ਧਨ ਨਾਲੋਂ ਨੇਕਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ । 2ਧਨੀ ਅਤੇ ਕੰਗਾਲ ਇੱਕ ਸਮਾਨਤਾ ਹੈ, ਕਿ ਉਨ੍ਹਾਂ ਸਭਨਾਂ ਦਾ ਸਿਰਜਣਹਾਰ ਯਹੋਵਾਹ ਹੈ ।

3ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ । 4ਨਮਰਤਾ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਵਨ ਹੈ ।

5ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ, ਜਿਹੜਾ ਆਪਣੀ ਜਾਨ ਦੀ ਰੱਖਿਆ ਕਰਦਾ ਹੈ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ । 6ਬੱਚੇ ਨੂੰ ਉਸ ਰਾਹ ਦੀ ਸਿੱਖਿਆ ਦੇ ਜਿਸ ਵਿੱਚ ਉਸ ਨੂੰ ਚੱਲਣਾ ਚਾਹੀਦਾ ਹੈ, ਤਾਂ ਉਹ ਬੁੱਢਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ ।

7ਧਨਵਾਨ ਕੰਗਾਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ । 8ਜਿਹੜਾ ਬੁਰਾਈ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ, ਅਤੇ ਉਹ ਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ ।

9ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ, ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ । 10ਠੱਠਾ ਕਰਨ ਵਾਲੇ ਨੂੰ ਕੱਢ ਦੇ ਤਾਂ ਝਗੜਾ ਮੁੱਕ ਜਾਵੇਗਾ, ਨਾਲੇ ਬਹਿਸ ਅਤੇ ਨਿਰਾਦਰ ਮਿਟ ਜਾਣਗੇ ।

11ਜਿਹੜਾ ਮਨ ਦੀ ਸ਼ੁੱਧਤਾ ਨਾਲ ਪ੍ਰੇਮ ਰੱਖਦਾ ਹੈ, ਜਿਹ ਦੇ ਬੁੱਲ ਦਯਾਵਾਨ ਹਨ, ਰਾਜਾ ਉਹ ਦਾ ਮਿੱਤਰ ਹੋਵੇਗਾ । 12ਯਹੋਵਾਹ ਦੀ ਨਿਗਾਹ ਗਿਆਨ ਦੀ ਰੱਖਿਆ ਕਰਦੀ ਹੈ, ਪਰ ਧੋਖੇਬਾਜ਼ ਦੀਆਂ ਗੱਲਾਂ ਨੂੰ ਉਹ ਉਲਟ ਪੁਲਟ ਕਰ ਦਿੰਦਾ ਹੈ ।

13ਆਲਸੀ ਆਖਦਾ ਹੈ ਭਈ ਬਾਹਰ ਤਾਂ ਸ਼ੇਰ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਂਵਾਂਗਾ ! 14ਪਰਾਈ ਔਰਤ ਦਾ ਮੂੰਹ ਇੱਕ ਡੂੰਘਾ ਟੋਆ ਹੈ, ਉਹ ਦੇ ਵਿੱਚ ਉਹ ਡਿੱਗਦਾ ਹੈ ਜਿਸ ਉੱਤੇ ਯਹੋਵਾਹ ਕ੍ਰੋਧਿਤ ਹੈ ।

15ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜਨ ਦੀ ਸੋਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ । 16ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਅਨ੍ਹੇਰ ਕਰਦਾ, ਅਤੇ ਜੋ ਧਨਵਾਨ ਨੂੰ ਭੇਂਟ ਦਿੰਦਾ ਹੈ ਉਹਨਾਂ ਨੂੰ ਘਾਟਾ ਹੀ ਹੁੰਦਾ ਹੈ ।

17ਕੰਨ ਲਾ ਕੇ ਬੁੱਧਵਾਨਾਂ ਦੇ ਬਚਨ ਸੁਣ, ਅਤੇ ਮੇਰੇ ਗਿਆਨ ਵੱਲ ਆਪਣਾ ਮਨ ਲਾ, 18ਜੇ ਤੂੰ ਆਪਣੇ ਮਨ ਵਿੱਚ ਓਹਨਾਂ ਦੀ ਪਾਲਣਾ ਕਰੇਂ ਅਤੇ ਓਹ ਸਭ ਤੇਰੇ ਮੂੰਹ ਵਿੱਚੋਂ ਨਿੱਕਲਣ, ਤਾਂ ਇਹ ਮਨ ਭਾਉਣੀ ਗੱਲ ਹੈ । 19ਮੈਂ ਅੱਜ ਦੇ ਦਿਨ ਓਹ ਤੈਨੂੰ, ਹਾਂ, ਤੈਨੂੰ ਹੀ ਸਿਖਾ ਦਿੱਤੀਆਂ ਹਨ, ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ ।

20ਭਲਾ, ਮੈਂ ਤੇਰੇ ਲਈ ਤੀਹ ਕਹਾਉਤਾਂ ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ, 21ਭਈ ਮੈਂ ਤੈਨੂੰ ਸਚਿਆਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ, ਕਿ ਤੂੰ ਸਚਿਆਈ ਦੇ ਬਚਨ ਆਪਣੇ ਘੱਲਣ ਵਾਲਿਆਂ ਕੋਲ ਲੈ ਜਾਂਵੇ ?

22ਕੰਗਾਲ ਨੂੰ ਨਾ ਲੁੱਟ ਕਿਉਂ ਜੋ ਉਹ ਗਰੀਬ ਹੈ, ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਅਨ੍ਹੇਰ ਕਰ, 23ਕਿਉਂ ਜੋ ਯਹੋਵਾਹ ਉਨ੍ਹਾਂ ਦਾ ਮੁਕੱਦਮਾ ਲੜੇਗਾ, ਅਤੇ ਓਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ ।

24ਕ੍ਰੋਧੀ ਦਾ ਸਾਥੀ ਨਾ ਬਣੀਂ ਅਤੇ ਛੇਤੀ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ, 25ਕਿਤੇ ਅਜਿਹਾ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ, ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ ।

26ਜਿਹੜੇ ਹੱਥ ਤੇ ਹੱਥ ਮਾਰਦੇ ਅਤੇ ਕਰਜ਼ਾਈ ਦੇ ਜ਼ਮਾਨਤੀ ਬਣਦੇ ਹਨ, ਤੂੰ ਓਹਨਾਂ ਦੇ ਵਿੱਚ ਨਾ ਹੋ । 27ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਤਾਂ ਉਹ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਖਿੱਚ ਲੈ ਜਾਵੇਗਾ ।

28ਜਿਹੜੇ ਪੁਰਾਣੇ ਬੰਨੇ ਤੇਰੇ ਵੱਡਿਆਂ ਨੇ ਲਾਏ ਸਨ, ਓਹਨਾਂ ਨੂੰ ਤੂੰ ਨਾ ਸਰਕਾ ।

ਜੇ ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਨਿਪੁੰਨ ਵੇਖਦਾ ਹੈਂ ? ਉਹ ਰਾਜੇ ਦੇ ਸਨਮੁੱਖ ਖੜ੍ਹਾ ਹੋਵੇਗਾ, ਉਹ ਛੋਟਿਆਂ ਦੇ ਅੱਗੇ ਖੜ੍ਹਾ ਨਾ ਹੋਵੇਗਾ ।

29

Copyright information for PanULB